ਸੁਨੀਲ ਜਾਖੜ ਦੇ ਭਾਜਪਾ ਪ੍ਰਧਾਨ ਵਜੋਂ ਅਸਤੀਫੇ ਦੀ ਚਰਚਾ, ਭਾਜਪਾ ਨੇ ਕੀਤਾ ਖੰਡਨ

 

ਸ਼ੁੱਕਰਵਾਰ ਨੂੰ ਸਵੇਰ ਨੂੰ ਇਕ ਦਮ ਹੀ ਸਿਆਸੀ ਗਲਿਆਰਿਆਂ ਵਿਚ ਸੁਨੀਲ ਜਾਖੜ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਵਜੋਂ ਅਸਤੀਫਾ ਦੇਣ ਦੀ ਚਰਚਾ ਛਿੜ ਗਈ। ਮੀਡੀਆ ਦੇ ਇਕ ਹਿੱਸੇ ਵਿਚ ਖਬਰਾਂ ਵੀ ਆ ਗਈਆਂ ਜਿਹਨਾਂ ਵਿਚ ਕਿਹਾ ਗਿਆ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਹੈ ਜਿਸਦੀ ਪੁਸ਼ਟੀ ਜਾਖੜ ਦੇ ਨੇੜਲੇ ਸੂਤਰਾਂ ਨੇ ਕੀਤੀ ਹੈ।
ਦੂਜੇ ਪਾਸੇ ਭਾਜਪਾ ਨੇ ਅਸਤੀਫੇ ਦਾ ਖੰਡਨ ਕੀਤਾ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਸੁਨੀਲ ਜਾਖੜ ਦੇ ਨਜ਼ਦੀਕੀ ਸੂਤਰਾਂ ਨੇ ਬਾਬੂਸ਼ਾਹੀ ਕੋਲ ਪੁਸ਼ਟੀ ਕੀਤੀ ਹੈ ਕਿ ਜਾਖੜ ਨੇ ਅਸਤੀਫਾ ਨਹੀਂ ਦਿੱਤਾ। ਇਹ ਇਕ ਵੱਖਰੀ ਗੱਲ ਹੈ ਕਿ ਜਾਖੜ ਭਾਜਪਾ ਵਿਚ ਵਾਪਰ ਰਹੇ ਘਟਨਾਕ੍ਰਮ ਤੋਂ ਔਖੇ ਜ਼ਰੂਰ ਹਨ। ਕੰਗਣਾ ਰਣੌਤ ਵਰਗੇ ਆਗੂਆਂ ਵੱਲੋਂ ਕਿਸਾਨਾਂ ਅਤੇ ਖਾਸ ਤੌਰ ’ਤੇ ਸਿੱਖ ਭਾਈਚਾਰੇ ਬਾਰੇ ਕੀਤੀਆਂ ਜਾ ਰਹੀਆਂ ਬੇਤੁਕੀਆਂ ਟਿੱਪਣੀਆਂ ਵੀ ਉਹਨਾਂ ਦੀ ਨਾਰਾਜ਼ਗੀ ਦਾ ਇਕ ਕਾਰਣ ਹਨ। ਉਹ ਭਾਜਪਾ ਵੱਲੋਂ ਪੰਜਾਬ ਪ੍ਰਤੀ ਆਪਣਾਈ ਜਾ ਰਹੀ ਬੇਰੁਖ਼ੀ ਤੋਂ ਵੀ ਨਾਰਾਜ਼ ਦੱਸੇ ਜਾ ਰਹੇ ਹਨ।
ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਨੂੰ ਬਿਲਕੁਲ ਝੂਠੀਆਂ ਤੇ ਅਫਵਾਹ ਕਰਾਰ ਦਿੱਤਾ ਹੈ।

Leave a Reply

Your email address will not be published. Required fields are marked *