
ਲੁਧਿਆਣਾ ( ਕਪਿਲ ਖਰਬੰਦਾ ) ਮੌਜਪੁਰਾ ਬਾਜ਼ਾਰ ਵਿੱਚ ਦੇਰ ਰਾਤ ਇੱਕ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸ਼ੋਲਾਂ ਦੀ ਇੱਕ ਮਸ਼ਹੂਰ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ, ਅਣਪਛਾਤਾ ਚੋਰ ਰਾਤ ਦੇ ਸਮੇਂ ਟੈਂਪੂ ਲੈ ਕੇ ਦੁਕਾਨ ‘ਤੇ ਪਹੁੰਚਿਆ ਅਤੇ ਦੁਕਾਨ ਦੇ ਸ਼ਟਰ ਨੂੰ ਤੋੜਕੇ ਲੱਖਾਂ ਰੁਪਏ ਦੀ ਕੀਮਤ ਵਾਲੇ ਸ਼ੋਲ ਟੈਂਪੂ ਵਿੱਚ ਭਰ ਕੇ ਫਰਾਰ ਹੋ ਗਿਆ।

ਦੁਕਾਨ ਮਾਲਕ ਨੂੰ ਸਵੇਰੇ ਘਟਨਾ ਦਾ ਪਤਾ ਲੱਗਾ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਸ਼ਖ਼ਸ ਟੈਂਪੂ ਵਿੱਚ ਸਮਾਨ ਚੜ੍ਹਾਉਂਦਾ ਸਾਫ਼ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੁਕਾਨ ਮਾਲਕ ਦੇ ਬਿਆਨ ਅਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ CCTV ਤਸਵੀਰਾਂ ਦੀ ਮਦਦ ਨਾਲ ਚੋਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਮਾਮਲੇ ਦੀ ਗੁੱਥੀ ਸੁਲਝਾ ਲਈ ਜਾਵੇਗੀ।