ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਹਲਵਾਈ ਦੀ ਦੁਕਾਨ ’ਚ ਮਾਰੀ ਰੇਡ, ਦੁਕਾਨ ’ਚ ਛੁਪਾ ਰੱਖੀ ਚੰਡੀਗੜ੍ਹ ਮਾਰਕਾ ਨਾਜਾਇਜ਼ ਸ਼ਰਾਬ


ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਕਈ ਪੇਟੀਆਂ ਇੱਕ ਜਨਰੇਟਰ ’ਚ ਰੱਖੀਆਂ ਸੀ ਛੁਪਾ
Kharar News : ਖਰੜ ਲਾਂਡਰਾਂ ਰੋਡ ’ਤੇ ਇੱਕ ਹਲਵਾਈ ਦੀ ਦੁਕਾਨ ’ਚ ਚੰਡੀਗੜ੍ਹ ਮਾਰਕਾ ਨਾਜਾਇਜ਼ ਸ਼ਰਾਬ ਵੇਚੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਬ ਦੀਆਂ ਕਈ ਪੇਟੀਆਂ ਇੱਕ ਜਨਰੇਟਰ ਵਿਚ ਛੁਪਾ ਕੇ ਰੱਖੀਆਂ ਗਈਆਂ ਸੀ। ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਰੇਡ ਪਾਈ ਤਾਂ ਉਹਨਾਂ ਦੇ ਅੱਖਾਂ ਵੀ ਖੜੀਆਂ ਰਹਿ ਗਈਆਂ। ਦੁਕਾਨ ਵਿੱਚ ਕੋਲਡਰਿੰਕ ਤੋਂ ਵੀ ਜਿਆਦਾ ਸ਼ਰਾਬ ਦੀਆਂ ਬੋਤਲਾਂ ਪਈਆਂ ਸੀ।
ਇਸ ਸਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਵਿਕਾਸ ਵਿਵੇਜਾ ਅਤੇ ਸੀਡੀ ਥਾਣੇ ਵਿੱਚ ਤੈਨਾਤ ਏਐਸਆਈ ਵੀਰ ਚੰਦ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਦੁਕਾਨ ਦੇ ਉੱਤੇ ਨਜਾਇਜ਼ ਸ਼ਰਾਬ ਵੇਚੀ ਜਾਂਦੀ ਹੈ। ਜਿਸ ਤੋਂ ਬਾਅਦ ਪੂਰੀ ਟੀਮ ਨੇ ਲਾਂਡਰਾਂ ਰੋਡ ’ਤੇ ਇਸ ਦੁਕਾਨ ’ਤੇ ਰੇਡ ਮਾਰੀ। ਰੇਡ ਮਾਰਨ ’ਤੇ ਵੱਖ-ਵੱਖ ਥਾਵਾਂ ’ਤੇ ਸ਼ਰਾਬ ਛੁਪਾਈ ਹੋਈ ਸੀ, ਜੋ ਕਿ ਚੰਡੀਗੜ੍ਹ ਮਾਰਕਾ ਸੀ।
ਫਿਲਹਾਲ ਦੁਕਾਨ ਦਾ ਮਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਇਸ ਸਬੰਧੀ ਮੈਨੇਜਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇੰਸਪੈਕਟਰ ਵਿਕਾਸ ਵਿਵੇਜਾ ਨੇ ਦੱਸਿਆ ਕਿ ਐਕਸਾਈਜ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ।