Ludhiana

ਵਿਧਾਇਕ ਛੀਨਾ ਵੱਲੋਂ ਗਿਆਸਪੁਰਾ ਚ ‘ਸਵੱਛਤਾ ਹੀ ਸੇਵਾ 2024’ ਮੁਹਿੰਮ ਦਾ ਆਗਾਜ਼

 

2 ਅਕਤੂਬਰ ਗਾਂਧੀ ਜੈਯੰਤੀ ਵਾਲੇ ਦਿਨ ਨੂੰ ਸਵੱਛ ਭਾਰਤ ਦਿਵਸ ਵਜੋਂ ਮਨਾਇਆ ਜਾਵੇਗਾ

ਲੁਧਿਆਣਾ, 14 ਸਤੰਬਰ – ਸਵੱਛਤਾ ਹੀ ਸੇਵਾ – 2024 ਮੁਹਿੰਮ ਨੂੰ ਸਫ਼ਲਤਾ ਪੂਰਵਕ ਲਾਗੂ ਕਰਨ ਦੇ ਮੰਤਵ ਨਾਲ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਗਿਆਸਪੁਰਾ ਸਰਕਾਰੀ ਫਲੈਟਾਂ ਤੋਂ “ਸਵੱਛਤਾ ਹੀ ਸੇਵਾ” ਦੀ ਸ਼ੁਰੂਆਤ ਕੀਤੀ।ਵਿਧਾਇਕ ਛੀਨਾ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ 2024 ਮੁਹਿੰਮ 14 ਸਤੰਬਰ ਤੋਂ 2 ਅਕਤੂਬਰ, 2024 ਤੱਕ ਚਲਾਈ ਜਾਣੀ ਹੈ।ਇਸ ਮੁਹਿੰਮ ਸਬੰਧੀ ਉਨ੍ਹਾਂ ਜ਼ਿਲ੍ਹੇ ਦੇ ਸਮੂਹ ਜਨ-ਨੁਮਾਇੰਦਿਆਂ ਅਤੇ ਅਧਿਕਾਰੀਆਂ ਸਮੇਤ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਇਸ ਨੂੰ ਸਫ਼ਲ ਬਣਾਉਣ।

ਉਨ੍ਹਾਂ ਦੱਸਿਆ ਕਿ ਸਫ਼ਾਈ ਵਿੱਚ ਪ੍ਰਮਾਤਮਾ ਦਾ ਵਾਸ ਹੈ ਅਤੇ ਜਦੋਂ ਤੱਕ ਅਸੀਂ ਸਫ਼ਾਈ ਦੀ ਮਹੱਤਤਾ ਨੂੰ ਨਹੀਂ ਸਮਝਾਂਗੇ ਉਦੋਂ ਤੱਕ ਸਫ਼ਾਈ ਪ੍ਰਤੀ ਸੋਚ ਵਿੱਚ ਕੋਈ ਬਦਲਾਅ ਨਹੀਂ ਆਵੇਗਾ। ਉਨ੍ਹਾਂ ਵੱਖ-ਵੱਖ ਸਵੱਛਤਾ ਜਾਗਰੂਕਤਾ ਗਤੀਵਿਧੀਆਂ ਚਲਾਉਣ ਉੱਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਫ-ਸਫਾਈ ਦੀ ਸ਼ੁਰੂਆਤ ਆਪਣੇ ਘਰਾਂ ਅਤੇ ਆਲੇ-ਦੁਆਲੇ ਤੋਂ ਹੋਣੀ ਚਾਹੀਦੀ ਹੈ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਰਾਸ਼ਟਰੀ ਪੱਧਰ ‘ਤੇ ਸਵੱਛ ਭਾਰਤ ਮਿਸ਼ਨ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਜਲ ਸ਼ਕਤੀ ਮੰਤਰਾਲੇ, ਭਾਰਤ ਸਰਕਾਰ ਵੱਲੋਂ 7 ਸਤੰਬਰ ਤੋਂ 1 ਅਕਤੂਬਰ ਤੱਕ ‘ਸਵੱਛਤਾ ਹੀ ਸੇਵਾ ਅਭਿਆਨ’ ਵਿਸ਼ੇ ਨਾਲ ਮਨਾਈ ਜਾ ਰਹੀ ਹੈ ਜਿਸਦਾ ਥੀਮ ‘ਸਵੱਛਤਾ ਹੀ ਸੇਵਾ’ ਹੈ।ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ 2 ਅਕਤੂਬਰ ਨੂੰ ਸਵੱਛ ਭਾਰਤ ਦਿਵਸ ਵਜੋਂ ਮਨਾਇਆ ਜਾਵੇਗਾ ਤਾਂ ਜੋ ਸਵੱਛਤਾ ਨੂੰ ਲੋਕ ਲਹਿਰ ਬਣਾਇਆ ਜਾ ਸਕੇ। ਉਨ੍ਹਾਂ ਸਵੱਛ ਭਾਰਤ ਦਿਵਸ ਮਨਾਉਣ ਸਬੰਧੀ ਸਾਰੀਆਂ ਤਿਆਰੀਆਂ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸਵੱਛਤਾ ਸੰਕਲਪ, ਸਵੱਛਤਾ ਰੈਲੀ, ਮਨੁੱਖੀ ਚੇਨ, ਗੀਤ ਨਾਟਕ, ਨੁੱਕੜ ਨਾਟਕ, ਰਾਤ ਚੌਪਾਲ, ਮੁੱਖ ਸੰਵਾਦ, ਓ.ਡੀ.ਐਫ ਪਲੱਸ ਵੈਰੀਫਿਕੇਸ਼ਨ, ਕੰਧ ਲੇਖਣ, ਚਿੱਤਰਣ, ਸਲੋਗਨ, ਸੈਲਫੀ ਪੁਆਇੰਟ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਕੂਲਾਂ ਅਤੇ ਕਾਲਜਾਂ ਵਿੱਚ ਬੱਚਿਆਂ ਵਿੱਚ ਸਵੱਛਤਾ ਵਿਸ਼ੇ ’ਤੇ ਅਧਾਰਿਤ ਪ੍ਰਦਰਸ਼ਨੀ, ਕੂੜਾ ਪ੍ਰਬੰਧਨ ਵਰਕਸ਼ਾਪ, ਕੂੜਾ ਇਕੱਠਾ ਕਰਨ ਦੀ ਮੁਹਿੰਮ, ਸਫ਼ਾਈ ਉਤਸਵ ਅਤੇ ਸਵੱਛਤਾ ਵਿਸ਼ੇ ’ਤੇ ਮੁਕਾਬਲੇ ਕਰਵਾਏ ਜਾਣਗੇ।

Leave a Response