ਏਸ਼ੀਆ ‘ਚ ਭਾਰਤ ਦੀ ਬਾਦਸ਼ਾਹਤ ਬਰਕਰਾਰ, ਚੀਨ ਨੂੰ ਘਰ ‘ਚ ਹਰਾ ਕੇ ਰਿਕਾਰਡ ਪੰਜਵੀਂ ਵਾਰ ਬਣਿਆ ਚੈਂਪੀਅਨ


ਨਵੀਂ ਦਿੱਲੀ- ਏਸ਼ਿਆਈ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦਾ ਦਬਦਬਾ ਬਰਕਰਾਰ ਹੈ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਫਾਈਨਲ ਵਿੱਚ ਮੇਜ਼ਬਾਨ ਚੀਨ ਨੂੰ 1-0 ਨਾਲ ਹਰਾਇਆ। ਇਸ ਨਾਲ ਭਾਰਤ ਨੇ ਰਿਕਾਰਡ ਪੰਜਵੀਂ ਵਾਰ ਟਰਾਫੀ ‘ਤੇ ਕਬਜ਼ਾ ਕੀਤਾ।
ਛੇਵੀਂ ਵਾਰ ਫਾਈਨਲ ਖੇਡ ਰਹੀ ਭਾਰਤੀ ਟੀਮ ਲਈ ਇਕਲੌਤਾ ਗੋਲ ਜੁਗਰਾਜ ਸਿੰਘ ਨੇ ਕੀਤਾ। ਭਾਰਤ ਵੱਲੋਂ ਇਹ ਗੋਲ ਚੌਥੇ ਕੁਆਰਟਰ ਵਿੱਚ ਹੋਇਆ। ਜੁਗਰਾਜ ਸਿੰਘ ਨੇ ਮੈਚ ਦੇ 51ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤਾ। ਟੀਮ ਇੰਡੀਆ ਨੇ ਡਿਫੈਂਡਿੰਗ ਚੈਂਪੀਅਨ ਦੇ ਤੌਰ ‘ਤੇ ਟੂਰਨਾਮੈਂਟ ‘ਚ ਪ੍ਰਵੇਸ਼ ਕੀਤਾ ਸੀ। ਭਾਰਤੀ ਟੀਮ ਨੇ ਅਜੇਤੂ ਰਹਿੰਦੇ ਹੋਏ ਆਪਣਾ ਖਿਤਾਬ ਬਰਕਰਾਰ ਰੱਖਿਆ ਹੈ। ਪੈਰਿਸ ਓਲੰਪਿਕ 2024 ਤੋਂ ਬਾਅਦ ਭਾਰਤੀ ਟੀਮ ਦੀ ਇਹ ਵੱਡੀ ਪ੍ਰਾਪਤੀ ਹੈ। ਇਸ ਟੂਰਨਾਮੈਂਟ ਵਿੱਚ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ। ਭਾਰਤੀ ਟੀਮ ਅਨੁਭਵੀ ਗੋਲਕੀਪਰ ਪੀਆਰ ਸ਼੍ਰੀਜੇਸ਼ ਦੇ ਬਿਨਾਂ ਆਪਣਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਖੇਡ ਰਹੀ ਸੀ।