

ਰਣਜੀ ਜੇਤੂ ਮੁੰਬਈ ਦੀ ਟੀਮ ਇਰਾਨੀ ਕੱਪ 2024 ਵਿੱਚ ਰੈਸਟ ਆਫ ਇੰਡੀਆ ਦਾ ਸਾਹਮਣਾ ਕਰੇਗੀ। ਇਹ ਮੈਚ ਲਖਨਊ ਦੇ ਏਕਾਨਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਬਾਕੀ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ਗੁਆ ਕੇ 237 ਦੌੜਾਂ ਬਣਾ ਲਈਆਂ ਸਨ।
ਭਾਰਤੀ ਟੈਸਟ ਟੀਮ ਤੋਂ ਬਾਹਰ ਚੱਲ ਰਹੇ ਮੁੰਬਈ ਦੇ ਕਪਤਾਨ ਅਜਿੰਕੇ ਰਹਾਣੇ ਨੇ ਮੰਗਲਵਾਰ ਨੂੰ ਈਰਾਨੀ ਕੱਪ ਵਿਚ ਰੈਸਟ ਆਫ ਇੰਡੀਆ ਦੇ ਵਿਰੁੱਧ ਸਬਰ ਨਾਲ ਬੱਲੇਬਾਜ਼ੀ ਕਰ ਟੀਮ ਨੂੰ ਸੰਕਟ ਵਿਚੋਂ ਬਾਹਰ ਕੱਢਿਆ। ਰਹਾਣੇ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਬਿਤ ਕੀਤਾ ਕਿ ਉਨ੍ਹਾਂ ਵਿਚ ਅਜੇ ਵੀ ਦੌੜਾਂ ਬਣਾਉਣ ਦੀ ਭੁੱਖ ਬਾਕੀ ਹੈ। ਇਕ ਸਮੇਂ ਟੀਮ 37 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ ਪਰ ਰਹਾਣੇ ਨੇ ਪਹਿਲਾਂ ਸ਼ੇ੍ਅਸ ਅਈਅਰ ਦੇ ਨਾਲ 102 ਤੇ ਫਿਰ ਸਰਫਰਾਜ਼ ਖਾਨ ਦੇ ਨਾਲ 98 ਦੌੜਾਂ ਦੀ ਅਹਿਮ ਸਾਂਝੇਦਾਰੀ ਕਰ ਮੁੰਬਈ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ। ਤਿੰਨੋਂ ਖਿਡਾਰੀਆਂ ਦੀ ਅਰਧ ਸੈਂਕੜਾ ਪਾਰੀ ਦੀ ਬਦੌਲਤ ਮੁੰਬਈ ਨੇ ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਪਹਿਲੀ ਪਾਰੀ ਵਿਚ ਚਾਰ ਵਿਕਟਾਂ ਗੁਆ ਕੇ 237 ਦੌੜਾਂ ਬਣਾ ਲਈਆਂ ਹਨ। ਰਹਾਣੇ 86 ਤੇ ਸਰਫਰਾਜ਼ 54 ਦੌੜਾਂ ਬਣਾ ਕੇ ਅਜੇਤੂ ਹਨ।
ਮੁਕੇਸ਼ ਨੇ ਦਿੱਤੇ ਸ਼ੁਰੂਆਤੀ ਝਟਕੇ : ਇਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ ਵਿਚ ਰੈਸਟ ਆਫ ਇੰਡੀਆ ਦੇ ਕਪਤਾਨ ਰੁਤੂਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਚੁਣੀ। ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਿਤ ਕੀਤਾ। ਮੁਕੇਸ਼ ਨੇ ਸਭ ਤੋਂ ਪਹਿਲਾਂ ਮੰਬਈ ਦੇ ਓਪਨਰ ਪਿ੍ਥਵੀ ਸ਼ਾਅ ਨੂੰ ਪੈਵੇਲੀਅਨ ਭੇਜਿਆ। ਇਥੇ ਵੀ ਸ਼ਾਅ ਦੀ ਖਰਾਬ ਲੈਅ ਜਾਰੀ ਰਹੀ। ਉਹ ਸੱਤ ਗੇਂਦਾਂ ’ਤੇ ਸਿਰਫ ਚਾਰ ਦੌੜਾਂ ਬਣਾ ਕੇ ਆਊਟ ਹੋਏ। ਹਾਲਾਂਕ ਉਸ ਨੇ ਕਵਰ ਵਿਚ ਚੌਕਾ ਲਾ ਕੇ ਚੰਗੀ ਸ਼ੁਰੂਆਤ ਕੀਤੀ ਪਰ ਇਸ ਤੋਂ ਬਾਅਦ ਮੁਕੇਸ਼ ਦੀ ਗੇਂਦ ’ਤੇ ਦੇਵਦੱਤ ਪਡੀਕਲ ਨੂੰ ਆਸਾਨ ਕੈਚ ਫੜਾ ਬੈਠੇ। ਮੁਕੇਸ਼ ਨੇ ਪਿ੍ਥਵੀ ਨੂੰ ਆਊਟ ਕਰਨ ਦੇ ਤਿੰਨ ਗੇਂਦ ਬਾਅਦ ਵਿਕਟਕੀਪਰ ਬੱਲੇਬਾਜ਼ ਹਾਰਦਿਕ ਤਾਮੋਰ (00) ਨੂੰ ਪੈਵੇਲੀਅਨ ਭੇਜ ਕੇ ਮੁੰਬਈ ਨੂੰ ਤਕੜਾ ਝਟਕਾ ਦਿੱਤਾ। ਹਾਰਦਿਕ ਮੁਕੇਸ਼ ਦੀ ਗੇਂਦ ’ਤੇ ਧਰੁਵ ਜੁਰੈਲ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਕਪਤਾਨ ਰਹਾਣੇ ਨੇ ਆਯੂਸ਼ ਮਤਾਰੇ (19) ਦੇ ਨਾਲ ਪਾਰੀ ਅੱਗੇ ਵਧਾਈ। ਇਸ ਵਿਚਾਲੇ ਮੁਕੇਸ਼ ਨੇ ਆਯੂਸ਼ ਨੂੰ ਜੁਰੇਲ ਦੇ ਹੱਥੋਂ ਕੈਚ ਕਰਾ ਮੁੰਬਈ ਨੂੰ ਬੈਕਫੁਟ ’ਤੇ ਕਰ ਦਿੱਤਾ।