Ludhiana

‘ਦਾਨ ਉਤਸਵ 2024’ 2 ਅਕਤੂਬਰ ਤੋਂ 8 ਅਕਤੂਬਰ ਤੱਕ ਮਨਾਇਆ ਜਾਵੇਗਾ; ਨਿਵਾਸੀ ਨਜ਼ਦੀਕੀ ਡਰਾਪਿੰਗ ਸੈਂਟਰਾਂ ਵਿੱਚ ਲੋੜਵੰਦ ਵਿਅਕਤੀਆਂ ਲਈ ਪੁਰਾਣੀਆਂ ਜਾਂ ਨਵੀਂਆਂ ਚੀਜ਼ਾਂ ਦਾਨ ਕਰ ਸਕਦੇ ਹਨ

 

ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਹਾਲੀ, ਚੰਡੀਗੜ੍ਹ, ਰੋਪੜ ਅਤੇ ਪਟਿਆਲਾ ਤੋਂ ਇਲਾਵਾ ਇਸ ਸਾਲ ਪੰਚਕੂਲਾ (ਹਰਿਆਣਾ) ਅਤੇ ਦਿੱਲੀ ਵਿੱਚ ਵੀ ਦਾਨ ਉਤਸਵ ਮਨਾਇਆ ਜਾਵੇਗਾ

ਨਿਵਾਸੀ ਨਜ਼ਦੀਕੀ ਡਰਾਪਿੰਗ ਸੈਂਟਰ ਦਾ ਪਤਾ ਲਗਾਉਣ ਲਈ 7877778803 ‘ਤੇ ਮਿਸਡ ਕਾਲ ਕਰ ਸਕਦੇ ਹਨ

ਲੁਧਿਆਣਾ, 23 ਸਤੰਬਰ:ਨਗਰ ਨਿਗਮ ਲੁਧਿਆਣਾ ਨੇ ਸਿਟੀ ਨੀਡਜ਼ ਦੇ ਸਹਿਯੋਗ ਨਾਲ ਇਸ ਸਾਲ 2 ਤੋਂ 8 ਅਕਤੂਬਰ ਤੱਕ ‘ਦਾਨ ਉਤਸਵ 2024’ ਮਨਾਉਣ ਦਾ ਐਲਾਨ ਕੀਤਾ ਹੈ।ਸੋਮਵਾਰ ਨੂੰ ਸਰਕਟ ਹਾਊਸ ਵਿਖੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਡਾਇਰੈਕਟਰ ਸਿਟੀ ਨੀਡਜ਼ ਮਨੀਤ ਦੀਵਾਨ ਨੇ ਦੱਸਿਆ ਕਿ ਇਹ ਉਤਸਵ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੇ ਨਿਰਦੇਸ਼ਾਂ ‘ਤੇ ਮਨਾਇਆ ਜਾ ਰਿਹਾ ਹੈ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੁਹਾਲੀ, ਚੰਡੀਗੜ੍ਹ, ਰੋਪੜ ਅਤੇ ਪਟਿਆਲਾ ਤੋਂ ਇਲਾਵਾ ਇਸ ਸਾਲ ਪੰਚਕੂਲਾ (ਹਰਿਆਣਾ) ਅਤੇ ਦਿੱਲੀ ਵਿੱਚ ਵੀ ਦਾਨ ਉਤਸਵ ਮਨਾਇਆ ਜਾ ਰਿਹਾ ਹੈ।

ਇਸ ਮੌਕੇ ਪੈਟਰਨ ਸਿਟੀ ਨੀਡਜ਼ ਡਾ. ਐਸ.ਬੀ.ਪਾਂਧੀ, ਉਦਯੋਗਪਤੀ ਗੁਰਮੀਤ ਸਿੰਘ ਕੁਲਾਰ, ਉਦਯੋਗਪਤੀ ਲਖਵਿੰਦਰ ਛਾਬੜਾ, ਸਮਾਜ ਸੇਵੀ ਰਾਧਿਕਾ ਜੈਤਵਾਨੀ, ਵਾਤਾਵਰਣ ਪ੍ਰੇਮੀ ਕਰਨਲ ਜੇ.ਐਸ.ਗਿੱਲ ਆਦਿ ਵੀ ਹਾਜ਼ਰ ਸਨ। ਸੇਖੋਂ ਅਤੇ ਦੀਵਾਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦਾਨ ਉਤਸਵ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਲੋੜਵੰਦ ਵਿਅਕਤੀਆਂ ਲਈ ਪੁਰਾਣੀਆਂ ਜਾਂ ਨਵੀਂਆਂ ਵਸਤੂਆਂ/ਕੱਪੜੇ/ਉਪਕਰਨ ਆਦਿ ਦਾਨ ਕਰਨ। ਸੇਖੋਂ ਅਤੇ ਦੀਵਾਨ ਨੇ ਕਿਹਾ ਕਿ ਦਾਨ ਉਤਸਵ ਭਾਰਤ ਸਰਕਾਰ ਦੇ ਆਰ.ਆਰ.ਆਰ (ਰਿਡਿਊਸ, ਰੀਯੂਜ਼, ਰੀਸਾਈਕਲ) ਮਾਡਲ ਅਤੇ ‘ਮਿਸ਼ਨ ਲਾਈਫ’ ਪ੍ਰੋਗਰਾਮ ਦੇ ਅਨੁਸਾਰ ਮਨਾਇਆ ਜਾ ਰਿਹਾ ਹੈ। ਇਸ ਸਾਲ ਦੇ ਸਮਾਗਮ ਦਾ ਉਦੇਸ਼ ਨਾਗਰਿਕਾਂ, ਸੰਸਥਾਵਾਂ, ਉਦਯੋਗਾਂ ਅਤੇ ਕਲੱਬਾਂ ਆਦਿ ਤੋਂ ਪੁਰਾਣੀ ਅਤੇ ਨਵੀਂ ਸਮੱਗਰੀ ਇਕੱਠੀ ਕਰਨਾ ਹੈ।

2 ਤੋਂ 8 ਅਕਤੂਬਰ ਤੱਕ, ਵਸਨੀਕ ਕੱਪੜੇ, ਕਿਤਾਬਾਂ, ਜੁੱਤੀਆਂ, ਖਿਡੌਣੇ, ਖੇਡਾਂ, ਸਟੇਸ਼ਨਰੀ, ਇਲੈਕਟ੍ਰੋਨਿਕਸ, ਬਿਸਤਰੇ ਅਤੇ ਕਰਿਆਨੇ ਦਾ ਸਮਾਨ ਆਦਿ ਦਾਨ ਕਰ ਸਕਦੇ ਹਨ। ਇਹ ਸਮੱਗਰੀ ਧਿਆਨ ਨਾਲ ਵੱਖ ਕੀਤੀ ਜਾਵੇਗੀ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਵੰਡੀ ਜਾਵੇਗੀ ਜੋ ਸਿੱਧੇ ਤੌਰ ‘ਤੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿੱਚ ਕੰਮ ਕਰਦੇ ਹਨ। ਇਕੱਤਰ ਕੀਤੀਆਂ ਵਸਤੂਆਂ ਨੂੰ ਆਰ.ਆਰ.ਆਰ ਕੇਂਦਰਾਂ ਅਤੇ ਗੈਰ ਸਰਕਾਰੀ ਸੰਗਠਨਾਂ ਰਾਹੀਂ ਵੰਡਿਆ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਲੋੜਵੰਦ ਵਿਅਕਤੀਆਂ ਤੱਕ ਪਹੁੰਚ ਸਕਣ।ਲੁਧਿਆਣਾ ਵਿੱਚ 70 ਤੋਂ ਵੱਧ ਡਰਾਪਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ ਅਤੇ ਹੋਰ ਸ਼ਹਿਰਾਂ ਵਿੱਚ 50 ਡਰਾਪਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ ਜਿੱਥੇ ਨਾਗਰਿਕ ਵਸਤੂਆਂ ਆਦਿ ਦਾਨ ਕਰ ਸਕਦੇ ਹਨ। ਨਜ਼ਦੀਕੀ ਡਰਾਪਿੰਗ ਸੈਂਟਰ ਨੂੰ ਲੱਭਣ ਲਈ, ਦਾਨੀ 7877778803 ‘ਤੇ ਮਿਸਡ ਕਾਲ ਦੇ ਸਕਦੇ ਹਨ ਅਤੇ ਵਟਸਐਪ ‘ਤੇ ਵੇਰਵੇ ਪ੍ਰਾਪਤ ਕਰ ਸਕਦੇ ਹਨ। ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਦਾਨ ਉਤਸਵ’ ਦੌਰਾਨ ਪੁਰਾਣੀਆਂ/ਨਵੀਂਆਂ ਵਸਤੂਆਂ ਦਾਨ ਕਰਨ ਕਿਉਂਕਿ ਜਿਹੜੀਆਂ ਵਸਤੂਆਂ ਹੁਣ ਸਾਡੇ ਘਰਾਂ ਵਿੱਚ ਕੰਮ ਨਹੀਂ ਆਉਂਦੀਆਂ, ਉਹ ਦੂਜਿਆਂ ਲਈ ਸਹਾਈ ਹੋ ਸਕਦੀਆਂ ਹਨ ਅਤੇ ਲੋੜਵੰਦਾਂ ਵਿਅਕਤੀਆਂ ਦੇ ਚਿਹਰੇ ‘ਤੇ ਮੁਸਕਾਨ ਲਿਆ ਸਕਦੀਆਂ ਹਨ

Leave a Response