ਪੰਜਾਬ ਦੀ ਧੀ ਨੇ ਕੈਨੇਡਾ ’ਚ ਮਾਪਿਆਂ ਦਾ ਨਾਂ ਕੀਤਾ ਰੌਸ਼ਨ, ਰਾਏਕੋਟ ਦੀ ਧੀ ਕੈਨੇਡਾ ਪੁਲਿਸ ’ਚ ਬਣੀ ਡਿਪਟੀ ਜੇਲ੍ਹ ਸੁਪਰਡੈਂਟ


ਗੁਰਮਨਜੀਤ ਕੌਰ MSC ਅਤੇ MBA ਦੀ ਪੜ੍ਹਾਈ ਕਰਨ ਉਪਰੰਤ 2021 ’ਚ ਸਟੱਡੀ ਵੀਜੇ ’ਤੇ ਗਈ ਸੀ ਬਰੈਮਟਨ ਕੈਨੇਡਾ
ਵੈਸੇ ਤਾਂ ਮੁੱਢ ਕਦੀਮ ਤੋਂ ਹੀ ਦੇਸ਼ ਦੁਨੀਆਂ ਵਿੱਚ ਪੰਜਾਬੀਆਂ ਨੇ ਆਪਣੇ ਕਾਬਲੀਅਤ ਦਾ ਲੋਹਾ ਮਨਵਾਇਆ ਹੈ, ਸਗੋਂ ਮੌਜੂਦਾ ਸਮੇਂ ਵਿਚ ਪੰਜਾਬੀ ਲੜਕੀਆਂ ਵੀ ਵੱਡੀਆਂ ਮੱਲ੍ਹਾਂ ਮਾਰ ਰਹੀਆਂ ਹਨ ਅਤੇ ਰਾਏਕੋਟ ਦੀ ਇੱਕ ਧੀ ਨੇ ਵੱਡਾ ਮਾਰਕਾ ਮਾਰਦਿਆਂ ਕੌਮਾਂਤਰੀ ਪੱਧਰ ’ਤੇ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ-ਸਕੇ ਸਬੰਧੀਆਂ ਅਤੇ ਰਾਏਕੋਟ ਸਮੇਤ ਪੂਰੇ ਪੰਜਾਬੀਆਂ ਦਾ ਸਿਰ ਫਖਰ ਨਾਲ ਉੱਚਾ ਚੁੱਕਿਆ ਹੈ। ਉੱਥੇ ਹੀ ਉਹ ਅਜੌਕੀ ਨੌਜਵਾਨ ਪੀੜੀ ਲਈ ਇੱਕ ਪ੍ਰੇਰਨਾ ਦਾ ਸਰੋਤ ਬਣੀ ਹੈ।
ਰਾਏਕੋਟ ਦੇ ਕੁਲਦੀਪ ਸਿੰਘ ਉਰਫ ਬਿੱਲੂ ਗਰੇਵਾਲ ਦੀ ਪੁੱਤਰੀ ਗੁਰਮਨਜੀਤ ਕੌਰ ਐਮਐਸਸੀ ਅਤੇ ਐਮਬੀਏ ਪੜ੍ਹਾਈ ਕਰਨ ਉਪਰੰਤ ਉਚੇਰੀ ਸਿੱਖਿਆ ਪ੍ਰਾਪਤ ਕਰਨ 2021 ਸਟੱਡੀ ਵੀਜੇ ’ਤੇ ਬਰੈਂਪਟਨ ਕੈਨੇਡਾ ਵਿਖੇ ਗਈ ਸੀ। ਉਸ ਨੇ ਕੈਨੇਡਾ ਵਿਖੇ ਤਿੰਨ ਸਾਲਾਂ ਵਿਚ ਆਪਣੀ ਸਟੱਡੀ ਪੂਰੀ ਕਰਨ ਤੋਂ ਬਾਅਦ ਕੈਨੇਡਾ ਪੁਲਿਸ ਵਿੱਚ ਡਿਪਟੀ ਜੇਲ੍ਹ ਸੁਪਰਡੈਂਟ ਦੀ ਨੌਕਰੀ ਹਾਸਲ ਕੀਤੀ।
ਇਸ ਮੌਕੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਣਹਾਰ ਪੁੱਤਰੀ ਗੁਰਮਨਜੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਬਿੱਲੂ ਗਰੇਵਾਲ, ਭੈਣ ਅਮਨਦੀਪ ਕੌਰ, ਭਾਬੀ ਕੁਲਦੀਪ ਕੌਰ ਰਾਣੀ ਅਤੇ ਰਿਸ਼ਤੇਦਾਰ ਪਿ੍ਰਤਪਾਲ ਸਿੰਘ ਆਦਿ ਨੇ ਦੱਸਿਆ ਕਿ ਗੁਰਮਨਜੀਤ ਕੌਰ ਬਚਪਨ ਤੋਂ ਹੀ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਅਤੇ ਮਿਹਨਤੀ ਸੀ ਅਤੇ ਉਸ ਮਨ ਵਿਚ ਕੁੱਝ ਨਾ ਕੁੱਝ ਬਣਨ ਦੀ ਤਮੰਨਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਜਿਸ ਦੇ ਚਲਦੇ ਉਸ ਨੇ ਇੰਡੀਆ ਵਿਚ ਐਮਐਸਸੀ ਅਤੇ ਐਮਬੀਏ ਦੀ ਪੜ੍ਹਾਈ ਕਰਨ ਤੋਂ ਬਾਅਦ ਪੀਸੀਐਸ ਦੀ ਤਿਆਰੀ ਕਰ ਰਹੀ ਸੀ ਪਰ ਕਰੋਨਾ ਮਹਾਂਮਾਰੀ ਦੇ ਚਲਦੇ ਉਹ ਇਹ ਪੇਪਰ ਨਹੀਂ ਦੇ ਸਕੀ ਅਤੇ 2021 ਵਿਚ ਬਰੈਂਪਟਨ ਕੈਨੇਡਾ ਵਿਖੇ ਚਲੀ ਗਈ, ਜਿੱਥੇ ਉਸ ਨੇ ਕੈਨੇਡਾ ਪੁਲਿਸ ਵਿੱਚ ਡਿਪਟੀ ਜੇਲ੍ਹ ਸੁਪਰਡੈਂਟ ਦੀ ਨੌਕਰੀ ਹਾਸਿਲ ਕੀਤੀ, ਬਲਕਿ ਇਸ ਨੌਕਰੀ ਲਈ ਚੁਣੇ ਗਏ 19 ਉਮੀਦਵਾਰਾਂ ਵਿਚ ਸਿਰਫ ਗੁਰਮਨਜੀਤ ਕੌਰ ਹੀ ਇਕੱਲੀ ਇਕ ਲੜਕੀ ਸੀ। ਉਹ ਵੀ ਇਕ ਪੰਜਾਬੀ ਲੜਕੀ, ਜਿਸ ਨੇ ਇਹ ਸਫਲਤਾ ਹਾਸਲ ਕੀਤੀ।
ਇੱਥੇ ਦੱਸਣਯੋਗ ਹੈ ਕਿ ਗੁਰਮਨਜੀਤ ਕੌਰ ਨੇ ਇਸ ਨੌਕਰੀ ਦੀ ਤਿਆਰੀ ਦੌਰਾਨ ਆਪਣੇ ਦੋ ਨੌਜਵਾਨ ਭਰਾਵਾਂ ਦੀ ਮੌਤ ਦਾ ਅਸਹਿ ਸਦਮਾ ਵੀ ਝੱਲਿਆ, ਪਰ ਉਸ ਨੇ ਦਿਲ ’ਤੇ ਪੱਥਰ ਰੱਖ ਕੇ ਆਪਣੇ ਉਨ੍ਹਾਂ ਮਹਿਰੂਮ ਭਰਾਵਾਂ ਦੇ ਸੁਪਨੇ ਨੂੰ ਪੂਰਾ ਕਰ ਦਿਖਾਇਆ ਹੈ। ਅੱਜ ਦੇਸ਼ ਦੁਨੀਆਂ ਵਿਚ ਆਪਣੇ ਪਰਿਵਾਰ, ਸਕੇ-ਸਬੰਧੀਆਂ ਅਤੇ ਰਾਏਕੋਟ ਸਮੇਤ ਸਮੂਹ ਪੰਜਾਬੀਆਂ ਦਾ ਸਿਰ ਫਖਰ ਨਾਲ ਉੱਚਾ ਚੁੱਕਿਆ। ਉਸ ਦੇ ਜਜ਼ਬੇ ਅਤੇ ਦ੍ਰਿੜਤਾ ਨੇ ਸਪੱਸ਼ਟ ਕੀਤਾ ਕਿ ਸਹੀ ਸਿਧਾਂਤਾਂ ’ਤੇ ਖੜ੍ਹੇ ਰਹਿਣ ਨਾਲ ਕੋਈ ਵੀ ਸਫਲਤਾ ਹਾਸਲ ਕਰ ਸਕਦਾ ਹੈ।