ਮੌਸਮ ਨੇ ਤੋੜਿਆ ਪਿਛਲੇ 50 ਸਾਲ ਦਾ ਰਿਕਾਰਡ, 1970 ਤੋਂ ਬਾਅਦ 27 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ ਪੰਜਾਬ ’ਚ ਰਾਤ ਦਾ ਤਾਪਮਾਨ


ਮੌਸਮ ਨੇ ਤੋੜਿਆ ਪਿਛਲੇ 50 ਸਾਲ ਦਾ ਰਿਕਾਰਡ, 1970 ਤੋਂ ਬਾਅਦ 27 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ ਪੰਜਾਬ ’ਚ ਰਾਤ ਦਾ ਤਾਪਮਾਨ
ਪੰਜਾਬ ਵਿੱਚ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਅਜੇ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਚੰਡੀਗੜ੍ਹ ਵਿਚ ਤਾਪਮਾਨ ਆਮ ਨਾਲੋਂ 5.4 ਡਿਗਰੀ ਵੱਧ ਹੈ, ਜਦਕਿ ਪੰਜਾਬ ਵਿਚ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਹੈ। ਬੀਤੇ ਮੰਗਲਵਾਰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 37.3 ਡਿਗਰੀ ਦਰਜ ਕੀਤਾ ਗਿਆ ਸੀ। ਜਦੋਂ ਕਿ ਪੰਜਾਬ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38.5 ਡਿਗਰੀ ਦਰਜ ਕੀਤਾ ਗਿਆ।
50 ਸਾਲਾਂ ਦੇ ਟੁੱਟੇ ਰਿਕਾਰਡ
ਮੌਸਮ ਨੂੰ ਲੈ ਕੇ 50 ਸਾਲ ਤੋਂ ਉੱਪਰ ਦਾ ਰਿਕਾਰਡ ਟੁੱਟਿਆ ਹੈ। ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਰਾਤ ਦਾ ਤਾਪਮਾਨ 27 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ, ਜਿਹੜਾ ਕਿ 1970 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਰਾਤ ਦਾ ਤਾਪਮਾਨ ਜਿਆਦਾ ਹੋਣ ਕਾਰਨ ਗਰਮੀ ਪੈ ਰਹੀ ਹੈ, ਪਰ ਹਜੇ ਗਰਮੀ ਤੋਂ ਰਾਹਤ ਮਿਲਣ ਦੇ ਕੋਈ ਆਸਾਰ ਨਹੀਂ ਹਨ।
ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਜ਼ਰੂਰ ਹੋ ਸਕਦੀ ਹੈ। ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨਿਕ ਡਾਕਟਰ ਪਵਨੀਤ ਕੌਰ ਕਿੰਗਰਾ ਦਾ ਆਖਣਾ ਹੈ, ਕਿ ਜਿਸ ਤਰ੍ਹਾਂ ਦੇ ਨਾਲ ਰਾਤ ਦਾ ਤਾਪਮਾਨ ਸਭ ਤੋਂ ਜਿਆਦਾ ਦਰਜ ਕੀਤਾ ਗਿਆ। ਇਸ ਤਾਪਮਾਨ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਪਰ ਲੋਕਾਂ ਨੂੰ ਹਜੇ ਠੰਡ ਦੇ ਲਈ ਹੋਰ ਲੰਬਾ ਇੰਤਜ਼ਾਰ ਜਰੂਰ ਕਰਨਾ ਪੈ ਸਕਦਾ ਹੈ।