Kangana Ranaut ਦਾ ਵਿਵਾਦ ਖੜੇ ਕਰਕੇ ਮੁਆਫ਼ੀ ਮੰਗਣਾ ਆਦਤ ਬਣ ਚੁੱਕੀ ਐ ? ਪਹਿਲੇ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਕਿਵੇਂ ‘ਅੰਨਦਾਤਾ’ ਨੂੰ ਬਣਾਇਆ ਨਿਸ਼ਾਨ, ਦੇਖੋ ਰਿਪੋਰਟ


ਹਰ ਵਾਰ ਬੀਜੇਪੀ ਬਿਆਨ ਨੂੰ ‘ਨਿੱਜੀ ਵਿਚਾਰ’ ਕਹਿ ਕੇ ਪੱਲਾ ਝਾੜ ਲੈਂਦੀ ਹੈ। ਹੁਣ ਇੱਕ ਮਹੀਨੇ ਦੇ ਅੰਦਰ ਇਹ ਦੂਜੀ ਵਾਰ ਹੈ, ਜਦੋਂ ਭਾਜਪਾ ਨੇ ਕੰਗਨਾ ਦੀਆਂ ਟਿੱਪਣੀਆਂ ਤੋਂ ਦੂਰੀ ਬਣਾਈ ਹੈ। ਆਓ ਜਾਣਦੇ ਹਾਂ ਕੰਗਨਾ ਦੇ ਵਿਵਾਦਿਤ ਬਿਆਨ…
Kangana Ranaut Controversy Statements : ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦੀ ਗੱਲ ਕਰਨ ਤੋਂ ਬਾਅਦ ਇੱਕ ਵਾਰ ਫਿਰ ਭਾਜਪਾ ਦੀ ਘੁਰਕੀ ਪਿੱਛੋਂ ਕੰਗਨਾ ਰਣੌਤ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਹਨ। ਭਾਜਪਾ ਮੈਂਬਰ ਪਾਰਲੀਮੈਂਟ ਨੇ ਇਹ ਕਹਿੰਦਿਆਂ ਆਪਣੇ ਸ਼ਬਦ ਵਾਪਸ ਲੈ ਲਏ ਹਨ ਕਿ ਉਹ ਹੁਣ ਇੱਕ ਕਲਾਕਾਰ ਨਹੀਂ ਰਹੀ, ਸਗੋਂ ਭਾਜਪਾ ਨਾਲ ਜੁੜੀ ਇੱਕ ਵਰਕਰ ਵੀ ਹੈ, ਸੋ ਉਸ ਦੇ ਵਿਚਾਰ ਪਾਰਟੀ ਦੇ ਸਟੈਂਡ ਅਨੁਸਾਰ ਹੋਣੇ ਚਾਹੀਦੇ ਹਨ। ਕੰਗਨਾ ਰਣੌਤ ਨੇ ਹੁਣ ਫਿਰ ਵਿਵਾਦ ਭੜਕਣ ‘ਤੇ ਮੁਆਫੀ ਮੰਗ ਲਈ ਹੈ, ਪਰ ਇਹ ਇੱਕ ਵਾਰ ਦੀ ਗੱਲ ਨਹੀਂ ਜਦੋਂ ਭਾਜਪਾ ਆਗੂ ਨੇ ਮਾਫੀ ਮੰਗੀ ਹੋਵੇ। ਇਸ ਲਈ ਹੁਣ ਸਵਾਲ ਇਹ ਉਠਦਾ ਹੈ ਕਿ ਕੀ ਵਿਵਾਦ ਖੜੇ ਕਰਨ ਕਰਕੇ ਮਾਫੀ ਮੰਗ ਲੈਣਾ ਕੰਗਨਾ ਦੀ ਆਦਤ ਬਣ ਚੁੱਕੀ ਹੈ? ਕਿਉਂਕਿ ਪਿਛਲੇ ਸਮੇਂ ਦੌਰਾਨ ‘ਅੰਨਦਾਤਾ’ ਨੂੰ ਲੈ ਕੇ ਉਹ ਕਈ ਵਾਰ ਅਜਿਹੇ ਬਿਆਨ ਦੇ ਚੁੱਕੀ ਹੈ, ਜਿਨ੍ਹਾਂ ਨਾਲ ਵਿਵਾਦ ਪੈਦਾ ਹੋਏ ਅਤੇ ਜਦੋਂ ਹਰ ਪਾਸਿਓਂ ਆਲੋਚਨਾ ਹੋਈ ਤਾਂ ਉਸ ਨੇ ਝੱਟ ਮੁਆਫੀ ਮੰਗ ਲਈ।
ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਵਕਾਲਤ ਪਿੱਛੋਂ ਮੰਗੀ ਮਾਫੀ
ਦੱਸ ਦਈਏ ਕਿ ਕੰਗਨਾ ਰਣੌਤ ਨੇ ਬੀਤੇ ਦਿਨੀ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਇਹ ਖੇਤੀ ਕਾਨੂੰਨ ਕਿਸਾਨ ਹਿਤੈਸ਼ੀ ਹਨ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਮੁੜ ਲਾਗੂ ਕੀਤਾ ਜਾਵੇ। ਕਿਉਂਕਿ ਇਨ੍ਹਾਂ ਕਾਨੂੰਨਾਂ ਦਾ ਇਤਰਾਜ਼ ਸਿਰਫ਼ ਕੁੱਝ ਰਾਜਾਂ ਦੇ ਕਿਸਾਨ ਹੀ ਕਰ ਰਹੇ ਹਨ। ਇੰਨਾ ਹੀ ਨਹੀਂ ਕੰਗਨਾ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਖੁਦ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਕੰਗਨਾ ਨੇ ਕਿਹਾ ਸੀ ਕਿ ਕਿਸਾਨ ਦੇਸ਼ ਦੇ ਵਿਕਾਸ ਵਿੱਚ ਤਾਕਤ ਦੇ ਥੰਮ੍ਹ ਹਨ। ਮੈਂ ਉਨ੍ਹਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਆਪਣੇ ਭਲੇ ਲਈ ਕਾਨੂੰਨ ਵਾਪਸ ਲੈਣ ਦੀ ਮੰਗ ਕਰਨ।